ਮਿਸੇਜ਼ ਕਾਲੜਾ ਨੂੰ ਤਾਂ ਚਾਅ ਚੜ੍ਹੇ ਪਏ ਸਨ। ਮਸੇਂ ਮਸੇਂ ਅੱਜ ਦਾ ਦਿਨ ਚੜ੍ਹਿਆ ਸੀ। ਸ਼ਗਨਾਂ ਦਾ ਦਿਨ। ਇਸ ਤੋਂ ਪਹਿਲਾਂ ਇੰਨਾ ਮੁਬਾਰਕ ਦਿਨ ਨਿੱਕੂ ਦੇ ਪੈਦਾ ਹੋਣ ਦਾ ਹੀ ਸੀ। ਕਿੰਨੇ ਵਰ੍ਹੇ ਹੋ ਗਏ ਉਸ ਦਿਨ ਨੂੰ। ਓਦੋਂ ਵੀ ਜੀ ਕਰਦਾ ਸੀ ਮੰਜੇ ਤੋਂ ਛਾਲ ਮਾਰ ਕੇ ਨੱਚਣ ਦਾ ਪਰ ਔਂਤਰੀ ਕਮਰ ਹੀ ਪੀੜ ਨਾਲ ਵਿੰਗੀ ਹੋਈ ਪਈ ਸੀ। ਔਂਤਰੀਹਾਏ ਕਿੱਡਾ ਭੈੜਾ ਲਫ਼ਜ਼! ਮਿਸੇਜ਼ ਕਾਲੜਾ ਨੂੰ ਇਸ ਲਫ਼ਜ਼ ਨਾਲ ਸਖ਼ਤ ਨਫ਼ਰਤ ਸੀ। ਕਿਉਂਕਿ ਇਹ ਇਲਜ਼ਾਮ ਬਸ ਲੱਗਦੇ ਲੱਗਦੇ ਹੀ ਰਹਿ ਗਿਆ ਸੀ ਉਹਨਾਂ ਤੇ। ਇਹ ਤਾਂ ਦਾਤੇ ਦੀ ਕਿਰਪਾ ਹੋ ਗਈ ਟਾਈਮ ਸਿਰ, ਨਹੀਂ ਤਾਂ ਸਾਰੀ ਉਮਰ ਆਪਣਾ ਮੂੰਹ ਲੁਕੋਈ ਲੁਕੋਈ ਫਿਰਨਾ ਸੀ। ਓਹਨਾਂ ਦੀ ਸੱਸ ਨੇ ਲੱਖ ਲਾਹਨਤਾਂ ਪਾਣੀਆਂ ਸੀ ਤੇ ਮਿਸਟਰ ਕਾਲੜਾ, ਰੱਬ ਝੂਠ ਨਾ ਬੁਲਾਏ, ਬੜੇ ਹੀ ਚੰਗੇ ਇਨਸਾਨ ਨੇ, ਪਰ ਉਹਨਾਂ ਨੇ ਵੀ ਉਲਾਂਭੇ ਦੇ ਹੀ ਛੱਡਣੇ ਸੀ। ਕੀਹਨੂੰ ਆਖ਼ਿਰ ਆਪਣਾ ਨਾਂ ਪਿਆਰਾ ਨਹੀਂ ਹੁੰਦਾ? ਖ਼ੈਰ, ਉਹ ਸੱਬ ਨਿੱਕੂ ਦੇ ਹੋਣ ਤੋਂ ਪਹਿਲਾਂ ਦੀਆਂ ਗੱਲਾਂ ਸੀ ਜਦੋਂ ਬੱਚਾ ਉਹਨਾਂ ਦੀ ਕੁੱਖ ਵਿੱਚ ਜਾਂ ਤਾਂ ਠਹਿਰਦਾ ਹੀ ਨਹੀਂ ਸੀ ਜਾਂ ਫ਼ੇਰ ਤਿੰਨ ਕੁ ਮਹੀਨੇ ਠਹਿਰ ਕੇ ਚਲਦਾ ਬਣਦਾ ਸੀ। ਕਿੰਨਾ ਕਠੋਰ ਸਮਾਂ ਸੀ ਉਹ, ਜਦੋਂ ਉਹਨਾਂ ਦੇ ਨਾਲ ਦੀਆਂ ਪਟਾਕ ਪਟਾਕ ਨਿਆਣੇ ਜੰਮਦੀਆਂ ਪਈਆਂ ਸਨ, ਮਿਸੇਜ਼ ਕਾਲੜਾ ਲਈ ਹੁੰਦੇ ਸਨ ਆਸ ਭਰੇ ਤਿੰਨ ਮਹੀਨੇ ਤੇ ਫੇਰ ਖ਼ੂਨ ਦੇ ਹੰਝੂ ਰੋਂਦੀਆਂ ਉਹਨਾਂ ਦੀਆਂ ਅੱਖਾਂ ਤੇ ਉਹਨਾਂ ਦੀ ਕੁੱਖ।

ਅੱਜ ਉਹ ਸੱਬ ਕਿਸੇ ਹੋਰ ਜਨਮ ਦੀ ਗੱਲ ਜਾਪਦੀ ਸੀ। ਅੱਜ ਤਾਂ ਮੂੰਹ ਲੁਕਾਉਣ ਦੀ ਬਜਾਏ ਚੁੱਕ ਚੁੱਕ ਵਿਖਾਉਣ ਦਾ ਵੇਲਾ ਸੀ। ਉਹ ਵੀ ਨਾਜ਼ ਬਿਊਟੀ ਪਾਰਲਰ ਤੋਂ ਮੇਕਅਪ ਨਾਲ ਚਮਕਾਇਆ ਹੋਇਆ ਮੂੰਹ। ਅੱਜ ਕਿਤੇ ਉਹਨਾਂ ਦੀ ਸੱਸ ਹੁੰਦੀ ਤਾਂ ਚੰਦਰੀ ਉਹਨਾਂ ਦੀ ਟੋਹਰ ਵੇਖ ਕੇ ਸੜ ਬਲ ਜਾਂਦੀ। ਜਾਂਦੀ ਜਾਂਦੀ ਵੀ ਚੋਭੇ ਮਾਰ ਕੇ ਹੀ ਤੁਰੀ ਸੀ।

ਨੀ ਵੀਨਾ! ਜੇ ਤੇਰਾ ਟਾਈਮ ਸਿਰ ਜੁਆਕ ਹੋ ਜਾਂਦਾ ਤਾਂ ਮੈਂ ਵੀ ਓਹਨੂੰ ਘੋੜੀ ਚੜ੍ਹਿਆਂ ਵੇਖਣਾ ਸੀ। ਮੇਰਾ ਵੇਲਾ ਆਇਆ ਖੜ੍ਹਾ ਹੈ ਤੇ ਉਹ ਹੱਲੇ ਅਠਾਰਾਂ ਦਾ ਵੀ ਨਹੀਂ। ਮੈਂ ਤਾਂ ਇਹ ਅਰਮਾਨ ਲੈ ਕੇ ਹੀ ਮਰ ਜੂੰ ਕਿ ਲੈ ਬਈ ਮੈਂ ਵੀ ਆਪਣੇ ਹੱਥੀਂ ਆਪਣੇ ਪੋਤੇ ਦਾ ਸਿਹਰਾ ਬੰਨ੍ਹਦੀ!”

ਖ਼ਸਮਾਂ ਨੂੰ ਖਾਣੀ ਤਿੰਨ ਪੋਤੇ ਤਾਂ ਘੋੜੀ ਤੇ ਚੜ੍ਹਾ ਬੈਠੀ ਸੀ। ਪਰ ਮਿਸੇਜ਼ ਕਾਲੜਾ ਨੇ ਇਹ ਦਲੀਲ ਉਸ ਵੇਲੇ ਇਸ ਲਈ ਨਹੀਂ ਸੀ ਦਿੱਤੀ ਕਿਓਂਕਿ ਉਹ ਤਿੰਨੇ ਓਹਦੇ ਦੇਵਰਾਂ ਦੇ ਮੁੰਡੇ ਸਨ ਜੋ ਕਿ ਕਾਇਦੇ ਅਨੁਸਾਰ ਉਹਨਾਂ ਦੇ ਪੁੱਤ ਤੋਂ ਬਾਦ ਪੈਦਾ ਹੋਣੇ ਚਾਹੀਦੇ ਸਨ। ਪਰ ਕਦੇ ਕਿਸੇ ਨੂੰ ਰੱਜ ਆਇਐ ਅੱਜ ਤੀਕਰ? ਜਿੰਨਾ ਵੀ ਮਿਲ ਜੇ, ਉੰਨਾ ਹੀ ਘੱਟਫ਼ੇਰ ਵੀ ਮਿਸੇਜ਼ ਕਾਲੜਾ ਨੂੰ ਲੱਗਿਆ ਸੀ ਕਿ ਕਹਿੰਦੀ ਕਹਿੰਦੀ ਵੀ ਬੁੜ੍ਹੀ ਨਿੱਕੂ ਨੂੰ ਘੋੜੀ ਚੜ੍ਹਾ ਕੇ ਹੀ ਜਾਊ। ਇੱਕ ਦਿਨ ਬੀਮਾਰ ਪੈਂਦੀ ਸੀ ਤੇ ਅਗਲੇ ਦਿਨ ਊਂਟ ਵਾਂਗੂ ਖੜੀ ਹੋ ਜਾਂਦੀ ਸੀ।

ਪਰ ਉਹ ਤਾਂ ਦੋ ਸਾਲ ਬਾਦ ਹੀ ਚੜ੍ਹਾਈ ਕਰ ਗਈ। ਅੱਜ ਉਸ ਗੱਲ ਨੂੰ ਸੱਤ ਵਰ੍ਹੇ ਹੋ ਗਏ ਸਨ। ਇਹਨਾਂ ਸੱਤਾਂ ਵਰ੍ਹਿਆਂ ਵਿੱਚ ਜ਼ਿੰਦਗੀ ਕਿੰਨੀ ਬਦਲ ਗਈ ਸੀ ਮਿਸੇਜ਼ ਕਾਲੜਾ ਦੀ। ਊਂ ਕਹਿ ਲੋ ਕਿ ਪੂਰੀ ਦੁਨੀਆਂ ਹੀ ਬਦਲ ਗਈ ਸੀ। ਨਿੱਕਾ ਜਿਹਾ ਪਿੰਡ ਛੱਡ ਕੇ ਉਹ ਲੁਧਿਆਣੇ ਜਾ ਵਸੇ ਸਨ। ਨਵੀਆਂ ਨਵੀਆਂ ਚੀਜ਼ਾਂ ਤੇ ਨਵੇਂ ਨਵੇਂ ਤਰੀਕੇ ਵੇਖ ਕੇ ਮਿਸੇਜ਼ ਕਾਲੜਾ ਵੀ ਹੁਣ ਕਾਫ਼ੀ ਮਾਡਰਨ ਹੋ ਗਏ ਸਨ। ਮਜਾਲ ਹੈ ਜੇ ਕਦੇ ਪੁਰਾਣੇ ਫੈਸ਼ਨ ਦਾ ਸੂਟ ਪਾਇਆ ਹੋਵੇ! ਪਹਾੜਾਂ ਤੇ ਛੁੱਟੀਆਂ ਮਨਾਣ ਗਿਆਂ ਇੱਕ ਅੱਧੀ ਵਾਰੀ ਜੀਨਸ ਵੀ ਪਾ ਲਈ ਸੀ। ਪਰ ਜੀਨਸ ਉਹਨਾਂ ਨੂੰ ਜ਼ਿਆਦਾ ਰਾਸ ਆਈ ਨਹੀਂ। ਘਤੁਨੀ ਜਿਹੀ ਸਾਹ ਘੁੱਟਦਾ ਸੀ। ਸੁੱਖ ਨਾਲ ਢਿੱਡ ਵੀ ਵਾਹਵਾ ਖਿਲਰਿਆ ਹੋਇਆ ਸੀ, ਓਹਨੂੰ ਫੜ੍ਹ ਕੇ ਉਸ ਟਾਈਟ ਬੋਰੇ ਪਾਣਾ ਕੋਈ ਆਸਾਨ ਕੰਮ ਨਹੀਂ ਸੀ। ਫੋਟੋਆਂ ਖਿਚਾ ਕੇ ਮਗਰੋਂ ਲਾਹੀ। ਇਹ ਤਾਂ ਭਲਾ ਹੋਵੇ ਪੰਜਾਬੀ ਸਭਿਆਚਾਰ ਤੇ ਹਵਾਦਾਰ ਸਲਵਾਰਾਂ ਦਾ ਜਿਨ੍ਹਾਂ ਕਾਰਨ ਉਹ ਆਪਣੀਆਂ ਕਿੱਟੀ ਪਾਰਟੀਆਂ ਭੱਜੇ ਫਿਰਦੇ ਸੀ। ਇੱਕ ਤੋਂ ਇੱਕ ਕਢਾਈ ਵਾਲੇ ਸੂਟ ਤੇ ਲੈਸਾਂ ਵਾਲੇ ਸ਼ਿਫੌਨ ਦੇ ਦੁਪੱਟੇ ਪਾ ਕੇ ਮਿਸੇਜ਼ ਕਾਲੜਾ ਹਰ ਵੇਲੇ ਟਿਪ ਟੋਪ ਰਹਿੰਦੇ ਸਨ। ਤੇ ਨਾਲੇ ਮੈਚਿੰਗ ਲਿਪਸਟਿਕਾਂ ਤੇ ਮੈਚਿੰਗ ਪਰਸ ਤੇ ਮੈਚਿੰਗ ਸੈਂਡਲ। ਭਾਰੇ ਭਾਰੇ ਕੜੇ ਤੇ ਟੌਪਸ ਵੀ ਹਰ ਵੇਲੇ ਤਿਆਰ। 

ਪਰ ਅੱਜ ਤਾਂ ਨੂਰ ਹੀ ਕੁੱਛ ਵੱਖਰਾ ਸੀ। ਪੈਰ ਤਾਂ ਜਿੰਵੇ ਧਰਤੀ ਤੇ ਪੈਂਦੇ ਹੀ ਨਹੀਂ ਸੀ। ਅੱਜ ਉਹਨਾਂ ਦਾ ਚੰਨ ਜਿਹਾ ਮੁੰਡਾ ਲਾੜਾ ਬਣਿਆ ਹੋਇਆ ਸੀ। ਮਿਸੇਜ਼ ਕਾਲੜਾ ਦੀ ਛਾਤੀ ਫੁੱਲ ਕੇ ਦੋ ਇੰਚ ਵੱਧ ਗਈ ਸੀ। ਇੱਕੋ ਇੱਕ ਮੁੰਡਾ ਤੇ ਓਹ ਵੀ ਵੱਡੀ ਕੰਪਨੀ ਇੰਜੀਨਿਅਰ, ਸੁਹਣਾ ਇੰਨਾ ਕਿ ਵੇਖ ਕੇ ਰੱਜ ਨਾ ਆਵੇ, ਕਿੱਥੇ ਮਿਲਦਾ ਹੈ ਇਹੋ ਜਿਹਾ ਸਾਕ ਰੋਜ਼ ਰੋਜ਼? ਇਹ ਤਾਂ ਕੁੜੀ ਨੇ ਪਿਛਲੇ ਜਨਮ ਵਿੱਚ ਕੁੱਛ ਮੋਤੀ ਦਾਨ ਕੀਤੇ ਹੋਣੇ ਹੈਂ, ਤਾਂ ਹੀ ਉਸ ਦੇ ਭਾਗ ਖੁੱਲ੍ਹੇ ਸਨ। ਅੱਜ ਵੇਖਣ ਖਾਂ ਮਿਸੇਜ਼ ਕਾਲੜਾ ਦੀਆਂ ਸ਼ਰੀਕਣੀਆਂ ਜਿਨ੍ਹਾਂ ਦੇ ਬੱਚੇ ਮਸੇਂ ਬਾਰ੍ਹਵੀਂ ਟੱਪੇ ਸਨ।             

ਕੁੜੀ ਵੀ ਊਂ ਖ਼ਾਸ ਮਾੜੀ ਨਹੀਂ ਸੀ, ਠੀਕ ਹੀ ਦਿਸਦੀ ਸੀ। ਚੰਗਾ ਹੁੰਦਾ ਜੇ ਮਿਸੇਜ਼ ਕਾਲੜਾ ਆਪਣੇ ਹੱਥੀਂ ਆਪਣੀ ਨੂੰਹ ਚੁਣਦੇ ਪਰ ਨਿੱਕੂ ਨੇ ਪਹਿਲਾਂ ਹੀ ਇਸ ਨੂੰ ਪਸੰਦ ਕਰ ਲਿਆ ਸੀ। ਵੈਸੇ ਨਿੱਕੂ ਦੇ ਖੁਲਾਸਾ ਕਰਨ ਤੋਂ ਪਹਿਲਾਂ ਉਹਨਾਂ ਨੇ ਨਿਗ਼ਾਹ ਚੋਂ ਕੱਢੀਆਂ ਬਥੇਰੀਆਂ ਸੀ ਪਰ ਨਿੱਕੂ ਹਾਮੀ ਨਹੀਂ ਸੀ ਭਰਦਾ। ਨਾਲੇ ਵੈਸੇ ਵੀ ਉਹਨਾਂ ਦੇ ਦਿਲ ਨੂੰ ਕੋਈ ਜ਼ਿਆਦਾ ਨਹੀਂ ਸੀ ਭਾਈ, ਹਰੇਕ ਕੋਈ ਨਾ ਕੋਈ ਨੁਕਸ ਤਾਂ ਸੀ ਹੀ। ਹੋਣਾ ਤਾਂ ਇਹਦੇ ਵੀ ਹੈ ਪਰ ਓਹਦਾ ਤਾਂ ਕੀ ਕੀਤਾ ਜਾ ਸਕਦਾ ਹੈ ਹੁਣ? ਜੀਹਦੇ ਤੇ ਦਿਲ ਗਿਆ ਤਾਂ ਬਸ ਗਿਆ।

ਨਿੱਕੂ ਤਾਂ ਸੁਰਭੀ ਦੀਆਂ ਤਰੀਫਾਂ ਕਰਦਾ ਹੀ ਨਹੀਂ ਥੱਕਦਾ। ਸੁਰਭੀ ਇੰਝ ਹੈ ਤੇ ਸੁਰਭੀ ਉੰਝ। ਪਤਾ ਨਹੀਂ ਕੀ ਘੋਲ਼ ਕੇ ਪਿਆ ਦਿੰਦੀਆਂ ਹੈਂ ਇਹ ਜਾਦੂਗਰਨੀਆਂ। ਮਿਸੇਜ਼ ਕਾਲੜਾ ਦੇ ਸਮੇਂ ਵਿੱਚ ਤਾਂ ਕੁਆਰੀ ਕੁੜੀ ਅੱਖ ਚੱਕ ਕੇ ਵੀ ਕਿਸੇ ਮੁੰਡੇ ਵੱਲ ਵੇਖ ਨਹੀਂ ਸੀ ਸਕਦੀ। ਪਰ ਚਲੋ ਜਿਵੇਂ ਦਾ ਵਕਤ ਹੋਵੇ, ਓਹਦੇ ਮੁਤਾਬਕ ਹੀ ਚਲਣਾ ਪੈਂਦਾ ਹੈ। ਨਾਲੇ ਵੱਡੀ ਗੱਲ ਹੈ ਕਿ ਮੁੰਡਾ ਖੁਸ਼ ਹੈ। ਕਿੰਨੀਆਂ ਸੱਧਰਾਂ ਨਾਲ ਮੰਗ ਮੰਗ ਕੇ ਲਿਆ ਮੁੰਡਾ! ਵੈਸੇ ਵੀ, ਮਿਸੇਜ਼ ਕਾਲੜਾ ਦੇ ਮਾਡਰਨ ਸਰਕਲ ਵਿੱਚ ਸਾਰੇ ਬੱਚੇ ਲਵ ਮੈਰਿਜ ਹੀ ਕਰਾ ਰਹੇ ਸੀ। ਨਿੱਕੂ ਨਾ ਕਰਾਂਦਾ ਤਾਂ ਉਹਨਾਂ ਨੇ ਥੋੜੇ ਪਿਛੜੇ ਹੋਏ ਜਾਪਣਾ ਸੀ। ਲਵ ਮੈਰਿਜ ਨਾ ਕਰਾਣ ਦੇ ਦੋ ਹੀ ਕਾਰਨ ਹੋ ਸਕਦੇ ਸਨਇੱਕ ਕਿ ਮਾਪੇ ਪੇੰਡੂ ਟਾਈਪ ਦੇ ਹੋਣ ਤੇ ਦੂਜਾ ਕਿਸੇ ਕੁੜੀ ਨੇ ਘਾਹ ਹੀ ਨਹੀਂ ਪਾਈ। ਦੋਹਵੇਂ ਹੀ ਕਾਰਨ ਮਿਸੇਜ਼ ਕਾਲੜਾ ਦੀ ਮਿਹਨਤ ਨਾਲ ਕਮਾਈ ਹੋਈ ਇਮੇਜ ਲਈ ਘਾਤਕ ਸਨ।

ਇਹ ਤਾਂ ਚੰਗਾ ਹੋਇਆ ਕੁੜੀ ਜਾਤ ਬਿਰਾਦਰੀ ਦੀ ਹੀ ਨਿਕਲੀ, ਕਿਤੇ ਹੋਰ ਮੱਥਾ ਡੰਮ੍ਹਣਾ ਪੈ ਜਾਂਦਾ ਤਾਂ ਔਖਾ ਸੀ। ਵੈਸੇ ਤਾਂ ਨਿੱਕੂ ਸਿਆਣਾ ਹੈ, ਇੰਨਾ ਤਾਂ ਉਸ ਨੇ ਵੇਖ ਹੀ ਲਿਆ ਹੋਣਾ। ਕੰਪਨੀ ਕੋਈ ਇੱਕ ਕੁੜੀ ਥੋੜੀ ਕੰਮ ਕਰਦੀ ਹੋਣੀ? ਤੇ ਕੀਹਨੂੰ ਨਿੱਕੂ ਦੀ ਮਿਹਰਬਾਨੀ ਪਿਆਰੀ ਨਾ ਲੱਗਦੀ? ਉਹ ਤਾਂ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲੈਂਦਾ ਹੈ। ਬੱਚਾ ਕੀ, ਬੁੱਢਾ ਕੀ, ਬੰਦਾ ਕੀ, ਜਨਾਨੀ ਕੀ, ਕੋਈ ਪੰਜ ਮਿੰਟ ਕੋਲ ਖ਼ਲੋ ਕੇ ਤਾਂ ਵੇਖੇ। ਅੱਜ ਕਿੱਡਾ ਸੁਹਣਾ ਵਿਖਣ ਡਿਹਾ ਸੀ। ਮਿਸੇਜ਼ ਕਾਲੜਾ ਅੰਦਰ ਹੀ ਅੰਦਰ ਵਾਰੀ ਵਾਰੀ ਜਾ ਰਹੇ ਸਨ।  

ਨਾਲ ਹੀ ਨਾਲ ਇਹ ਚਿੰਤਾ ਵੀ ਉਹਨਾਂ ਨੂੰ ਖਾਈ ਜਾ ਰਹੀ ਸੀ ਬਈ ਅੱਜ ਤੱਕ ਦਾ ਉਹਨਾਂ ਦਾ ਸੱਭ ਤੋਂ ਵੱਡਾ ਸਰਮਾਇਆ ਕਿਸੇ ਹੋਰ ਦੇ ਨਾਮ ਹੋਣ ਜਾ ਰਿਹਾ ਸੀ। ਵੈਸੇ ਤਾਂ ਨਿੱਕੂ ਬਹੁਤ ਹੀ ਪਿਆਰ ਤੇ ਆਦਰ ਮਾਣ ਦੇਣ ਵਾਲਾ ਸੀ ਪਰ ਕੁੜੀ ਦਾ ਸੁਭਾਅ ਖੌਰੇ ਕਿਸ ਤਰ੍ਹਾਂ ਦਾ ਹੋਵੇ। ਵਿਆਹ ਤੋਂ ਬਾਅਦ ਗੱਲਾਂ ਪਹਿਲਾਂ ਵਰਗੀਆਂ ਨਹੀਂ ਰਹਿੰਦੀਆਂ। ਮਿਸੇਜ਼ ਚੋਪੜਾ ਨੂੰ ਹੀ ਵੇਖ ਲਓ ਕਿੰਨੇ ਚਾਅ ਨਾਲ ਨੂੰਹ ਲੈ ਕੇ ਆਏ ਸੀ ਆਪ ਛਾਂਟ ਕੇ, ਅਪਣੀ ਹੀ ਰਿਸ਼ਤੇਦਾਰੀ ਚੋਂ, ਕਿੱਦਾਂ ਨਾਚ ਨਚਾ ਰਹੀ ਹੈ। ਮਿਸੇਜ਼ ਚੋਪੜਾ ਭਾਂਵੇ ਅਪਣੇ ਮੂੰਹੋਂ ਪੂਰੀ ਗੱਲ ਨਾ ਕਹਿਣ ਪਰ ਨਜ਼ਰ ਤਾਂ ਆਂਦਾ ਹੀ ਹੈ ਕਿ ਘਰ ਕਿਸ ਦਾ ਰਾਜ਼ ਚੱਲ ਰਿਹਾ ਹੈ। ਰੋਜ਼ ਦਿਹਾੜੀ ਤੁਰੀ ਰਹਿੰਦੀ ਹੈ ਨੂੰਹ, ਕਦੇ ਪੇਕੇ ਤੇ ਕਦੇ ਸ਼ਿਮਲੇ, ਤੇ ਰਹਿ ਜਾਂਦੇ ਨੇ ਵਿਚਾਰੇ ਮਿਸੇਜ਼ ਚੋਪੜਾ ਘਰ ਰੋਟੀ ਟੁੱਕ ਕਰਨ ਨੂੰ ਤੇ ਜਵਾਕ ਸਾਂਭਣ ਨੂੰ। ਕਦੇ ਕਦੇ ਮਿਸੇਜ਼ ਕਾਲੜਾ ਨੂੰ ਲੱਗਦਾ ਹੈ ਕਿ ਉਹਨਾਂ ਦੀ ਪੁਸ਼ਤ ਤੇ ਰੱਬ ਨੇ ਬਹੁਤ ਜ਼ਿਆਦਤੀ ਕੀਤੀ ਹੈ। ਇਹ ਇੱਕ ਇਹੋ ਜਿਹੀ ਪੁਸ਼ਤ ਹੈ ਜਿਸ ਨੂੰ ਦੋਂਹਵੇਂ ਪਾਸੇ ਸਬਰ ਦਾ ਘੁੱਟ ਪੀਣਾ ਪਿਆ ਹੈ। ਪਹਿਲਾਂ ਸੱਸਾਂ ਦੇ ਜੁਲਮ ਸਹੇ ਤੇ ਹੁਣ ਨੂੰਹਾਂ ਅੱਗੇ ਤਰਲੇ ਲੈਣੇ ਪੈ ਰਹੇ ਹਨ। ਇਸ ਪੁਸ਼ਤ ਦੀ ਵਾਰੀ ਤਾਂ ਆਈ ਹੀ ਨਹੀਂ ਰਾਜ ਕਰਨ ਦੀ।

ਇਸੇ ਲਈ ਉਹਨਾਂ ਨੇ ਸੀਮਾ ਭਰਜਾਈ ਦੀ ਗੱਲ ਪੱਲੇ ਬੰਨ੍ਹ ਲਈ ਸੀ। ਸ਼ੁਰੂ ਤੋਂ ਸਾਫ਼ ਕਰ ਦਿਓ ਕਿ ਘਰ ਕਿਸ ਦੀ ਜਗ੍ਹਾ ਕਿੱਥੇ ਹੈ। ਜੇ ਸ਼ੁਰੂ ਚੰਭਲਾ ਲਿਆ ਤਾਂ ਮੁੜ ਸਾਰੀ ਉਮਰ ਡੋਰੀ ਹੱਥ ਨਹੀਂ ਜੇ ਆਉਣੀ।

ਅੱਜਕਲ ਦੀਆਂ ਲੇਡੀਜ਼ ਮਾਡਰਨ ਹੋਣ ਦੇ ਚੱਕਰ ਨੂੰਹਾਂ ਨੂੰ ਸਿਰ ਚੜ੍ਹਾ ਲੈਂਦੀਆਂ ਨੇ ਤੇ ਫ਼ੇਰ ਮੱਥੇ ਤੇ ਹੱਥ ਮਾਰ ਕੇ ਰੋਂਦੀਆਂ ਨੇ। ਸਮਾਜ ਨੇ ਜੀਹਦੀ ਜੋ ਜਗ੍ਹਾ ਬਣਾਈ ਹੈ ਕੁੱਛ ਸੋਚ ਕੇ ਹੀ ਬਣਾਈ ਹੈ, ਠੀਕ ਹੈ ਨਾ, ਭੈਣ ਜੀ?”

ਹਾਂ, ਠੀਕ ਹੈ ਉਹਨਾਂ ਦੀ ਗੱਲ, ਪਰ ਮਿਸੇਜ਼ ਕਾਲੜਾ ਨੂੰ ਸੀਮਾ ਭਰਜਾਈ ਦਾ ਅਮਲ ਕਰਨ ਦਾ ਤਰੀਕਾ ਚੰਗਾ ਨਹੀਂ ਲੱਗਦਾ। ਭਾਂਵੇ ਹਰੇਕ ਦੀ ਜਗ੍ਹਾ ਵੱਖ ਹੈ ਪਰ ਕੀ ਜ਼ਰੂਰੀ ਹੈ ਕਿਸੇ ਨੂੰ ਹਰ ਵੇਲੇ ਖਾਮਖ਼ਾਹ ਦਬਾ ਕੇ ਰੱਖੋ? ਸੀਮਾ ਭਰਜਾਈ ਤਾਂ ਅਪਣੀ ਨੂੰਹ ਨੂੰ ਸਿਰਫ਼ ਇਸੇ ਲਈ ਸਾਹ ਨਹੀਂ ਲੈਣ ਦਿੰਦੀ ਕਿ ਕਿਤੇ ਉਹ ਵਿਗੜ ਨਾ ਜਾਏ। ਵਿਚਾਰੀ ਸਵੇਰੇ ਉੱਠ ਕੇ ਸਾਰੇ ਘਰ ਦਾ ਨਾਸ਼ਤਾ ਪਾਣੀ ਬਣਾ ਕੇ, ਦੁਪਹਿਰਾਂ ਦੇ ਡੱਬੇ ਪੈਕ ਕਰ ਕੇ ਸਕੂਲ ਜਾਂਦੀ ਹੈ ਪੜ੍ਹਾਉਣ। ਆਉਂਦਿਆਂ ਹੀ ਸੱਭ ਤੋਂ ਪਹਿਲਾਂ ਸੱਸ ਨੂੰ ਚਾਹ ਬਣਾ ਕੇ ਦਿੰਦੀ ਹੈ ਤੇ ਫ਼ੇਰ ਕਪੜੇ ਬਦਲ ਕੇ ਜੁਟ ਜਾਂਦੀ ਹੈ ਘਰ ਦੇ ਕੰਮਾਂਚ। ਮਜਾਲ ਹੈ ਮਾਂ ਦੀ ਧੀ ਨੇ ਕਦੇਸੀਵੀ ਕੀਤੀ ਹੋਵੇ। ਖੌਰੇ ਕੀ ਘੁੱਟੀ ਦੇ ਕੇ ਘੱਲਿਆ ਹੈ ਓਹਦੀ ਮਾਂ ਨੇ। ਹਰ ਵੇਲੇਮੰਮੀ ਜੀ“, “ਮੰਮੀ ਜੀਕਰਦਿਆਂ ਸੀਮਾ ਭਰਜਾਈ ਦੇ ਦੁਆਲੇ ਘੁੰਮਦੀ ਰਹਿੰਦੀ ਹੈ।

ਖ਼ੈਰ, ਉਹ ਸੀਮਾ ਭਰਜਾਈ ਹੈਸ਼ੁਰੂ ਤੋਂ ਹੀ ਚੁਸਤ ਚਲਾਕ। ਨਾਲੇ ਉਹਨਾਂ ਦੀ ਕਿਸਮਤ ਵੀ ਚੰਗੀ ਹੈ। ਮਿਸੇਜ਼ ਕਾਲੜਾ ਥੋੜੇ ਨਰਮ ਸੁਭਾਅ ਦੇ ਹਨ। ਇਹ ਠੀਕ ਹੈ ਕਿ ਉਹਨਾਂ ਦਾ ਇਕਲੌਤਾ ਪੁੱਤਰ ਹੁਣ ਕਿਸੇ ਹੋਰ ਦੇ ਵੱਸ ਹੋ ਸਕਦਾ ਹੈ ਤੇ ਇਹ ਵੀ ਠੀਕ ਹੈ ਕਿ ਨੂੰਹ ਨੂੰ ਨੂੰਹ ਦੀ ਥਾਂ ਤੇ ਹੀ ਰੱਖਣਾ ਚਾਹੀਦਾ ਹੈ ਪਰ ਕਿਸੇ ਤੇ ਫ਼ਾਲਤੂ ਦਾ ਰੌਬ ਝਾੜਨਾ ਵੀ ਠੀਕ ਨਹੀਂ। ਕੰਮ ਭਾਂਵੇ ਕਰੇ ਨਾ ਕਰੇ ਪਰ ਇੱਜ਼ਤ ਕਰੇ, ਬੱਸ ਇੰਨਾ ਹੀ ਬਹੁਤ ਹੈ। ਓਹਨੂੰ ਇਹ ਜ਼ਰੂਰ ਇਹਸਾਸ ਹੋਣਾ ਚਾਹੀਦਾ ਹੈ ਕਿ ਘਰ ਵੱਡਾ ਕੌਣ ਹੈ।

ਹਨੀਮੂਨ ਤੋਂ ਘੁੰਮ ਕੇ ਆਈ ਤਾਂ ਸੁਰਭੀ ਨੇ ਬੜੇ ਸ਼ੌਂਕ ਸ਼ੌਂਕ ਨਾਲ ਸਿੰਗਾਪੁਰ ਦੀਆਂ ਫੋਟੋਆਂ ਵਿਖਾਈਆਂ ਤੇ ਉਥੋਂ ਦੀਆਂ ਗੱਲਾਂ ਕਰਦਿਆਂ ਹੀ ਨਾ ਥਕੇ। ਬੋਲਦੀ ਬਹੁਤ ਹੈ, ਮਿਸੇਜ਼ ਕਾਲੜਾ ਨੇ ਨੋਟ ਕੀਤਾ ਤੇ ਅੱਖਾਂ ਹੀ ਅੱਖਾਂ ਮਿਸਟਰ ਕਾਲੜਾ ਨੂੰ ਵੀ ਦੱਸਿਆ। ਘਰ ਦਾ ਕੰਮ ਤਾਂ ਮਿਸੇਜ਼ ਕਾਲੜਾ ਚਾਹ ਕੇ ਵੀ ਉਸ ਤੋਂ ਉਮੀਦ ਨਹੀਂ ਕਰ ਸਕਦੇ ਸੀ ਕਿਉਂਕਿ ਓਹਨੂੰ ਆਉਂਦਾ ਹੀ ਘੱਟ ਵੱਧ ਸੀ। ਜਦੋਂ ਦਸਾਂ ਦਿਨਾਂ ਬਾਦ ਰੀਤ ਅਨੁਸਾਰ ਚੌਂਕੇ ਚੜ੍ਹਾਈ ਤਾਂ ਕੜਾਹ ਬਣਾਉਣਾ ਹੀ ਨਾ ਆਵੇ। ਮਿਸੇਜ਼ ਕਾਲੜਾ ਨੇ ਆਪ ਬਣਾ ਕੇ ਉਸ ਕੋਲੋਂ ਕੜਛੀ ਚਲਵਾ ਦਿੱਤੀ। ਵੈਸੇ ਜੇ ਕੁੱਝ ਆਉਂਦਾ ਵੀ ਹੁੰਦਾ ਤਾਂ ਕਿਹੜਾ ਓਹਨੇ ਮਿਸੇਜ਼ ਕਾਲੜਾ ਨੂੰ ਪਕਾ ਪਕਾ ਖੁਆਉਣਾ ਸੀ। ਦੋਹਵੇਂ ਜਣੇ ਦੋ ਹਫ਼ਤਿਆਂ ਬਾਦ ਤੁਰਦੇ ਬਣੇ, ਕਹਿੰਦੇ ਇੰਨੀ ਹੀ ਛੁੱਟੀ ਮਿਲੀ ਆਫ਼ਿਸ ਤੋਂ।

ਹੁਣ ਮਿਸੇਜ਼ ਕਾਲੜਾ ਨੂੰ ਹੋਰ ਵੀ ਨਿੱਕੂ ਦੇ ਫੋਨ ਦਾ ਇੰਤਜ਼ਾਰ ਰਹਿੰਦਾ ਹਰ ਰੋਜ਼। ਪਹਿਲਾਂ ਵੀ ਹੁੰਦਾ ਸੀ ਪਰ ਜੇ ਕਦੇ ਕਦਾਈਂ ਨਾ ਵੀ ਆਵੇ ਤਾਂ ਇੰਨੀ ਕੋਈ ਟੇਂਸ਼ਨ ਨਹੀਂ ਸੀ ਹੁੰਦੀ। ਹੁਣ ਤਾਂ ਮਿਸੇਜ਼ ਕਾਲੜਾ ਨੂੰ ਪੰਜਾਹ ਟੇਂਸ਼ਨਾਂ ਸੀ। ਕੀ ਖਾਂਦਾ ਹੋਣੈ, ਕੀ ਕਹਿੰਦੀ ਹੋਣੀ…

ਹੁਣ ਤੱਕ ਵਿਚਾਰੇ ਨੇ ਹੋਟਲਾਂ ਖਾਧਾ, ਠੀਕ ਸੀ। ਪਰ ਸਾਰੀ ਉਮਰ ਤਾਂ ਨਹੀਂ ਖਾ ਸਕਦਾ ਨਾ? ਕਿੱਦਾਂ ਰੀਝ ਨਾਲ ਖਾਂਦੈ ਉਹ ਉਹਨਾਂ ਦੇ ਹੱਥ ਦੀ ਬਣੀ ਖੀਰ… ਤੇ ਕੜ੍ਹੀ ਚੌਲਤੇ ਸਰ੍ਹੋਂ ਦਾ ਸਾਗ਼ ਤੇ ਮੱਕੀ ਦੀ ਰੋਟੀਕਿਸ ਦਿਨ ਕਰੂਗੀ ਸਾਇੰਸ ਇੰਨੀ ਤਰੱਕੀ ਕਿ ਉਹ ਰੋਟੀ ਕੰਪਿਊਟਰ ਵਾੜ ਕੇ ਨਿੱਕੂ ਤੱਕ ਭੇਜ ਦੇਣ। ਅੰਬੀਆਂ ਦਾ ਅਚਾਰ ਵੀ ਪਾਇਆ ਹੋਇਆ ਹੈ, ਨਿੱਕੂ ਜਦੋਂ ਆਏਗਾ ਅਗਲੀ ਵਾਰੀ ਤਾਂ ਨਾਲ ਬੰਨ੍ਹ ਦੇਣਗੇ। ਪਰ ਹੁਣ ਤਾਂ ਆਉਣਾ ਪਹਿਲਾਂ ਨਾਲੋਂ ਵੀ ਔਖਾ ਹੈ, ਜਦੋਂ ਦੋਹਵੇਂ ਕੱਠੇ ਛੁੱਟੀਆਂ ਲੈ ਸਕਣ, ਤਾਂ ਹੀ ਸਕਦੇ ਹਨ।

***

ਅੱਜ ਨਿੱਕੂ ਤੇ ਵਹੁਟੀ ਦੇ ਆਣ ਦਾ ਦਿਨ ਸੀ। ਮਿਸੇਜ਼ ਕਾਲੜਾ ਨੇ ਕਾਫ਼ੀ ਸਾਰੀਆਂ ਆਈਟਮਾਂ ਪਲੈਨ ਕਰ ਰੱਖੀਆਂ ਸੀ ਨਾਸ਼ਤੇ ਤੇ ਖਾਣੇ ਲਈ। ਫ਼ੇਰ ਉਹਨਾਂ ਦੋਹਵਾਂ ਨੇ ਕਾਫ਼ੀ ਘਰਾਂ ਜਾਣਾ ਸੀ ਇੱਕ ਇੱਕ ਕਰ ਕੇ ਜਿੱਥੋਂ ਜਿੱਥੋਂ ਖਾਣੇ ਦਾ ਨਿਮੰਤਰਣ ਆਇਆ ਸੀ।

ਮੰਮੀ ਜੀ, ਤੁਸੀਂ ਭਲਾ ਇੰਨੀਆਂ ਵਾਧੂ ਚੀਜ਼ਾਂ ਕਿਓਂ ਬਣਾ ਲਈਆਂ? ਇੰਨਾ ਕਿੱਥੇ ਖਾਧਾ ਜਾਊ? ਫ਼ੇਰ ਲੋਕਾਂ ਘਰੇ ਦੰਦ ਘਸਾਈ ਲੈਣ ਵੀ ਤਾਂ ਜਾਣਾ ਹੈ,” ਨਿੱਕੂ ਹੱਸਿਆ। ਬਚਪਨ ਇੱਕ ਵਾਰੀ ਨਿੱਕੂ ਨੇ ਪੁੱਛਿਆ ਸੀ ਜਦੋਂ ਉਸਦਾ ਚਾਚਾ ਵਿਆਹ ਮਗਰੋਂ ਚਾਚੀ ਲੈ ਕੇ ਉਹਨਾਂ ਘਰ ਰੋਟੀ ਤੇ ਆਇਆ ਸੀ ਕਿ ਉਹਨਾਂ ਨੂੰ ਪੈਸੇ ਕਿਉਂ ਦਿੱਤੇ ਸਨ। ਮਿਸੇਜ਼ ਕਾਲੜਾ ਨੇ ਸਮਝਾਇਆ ਸੀ ਕਿ ਜਦੋਂ ਨਵੇਂ ਜੋੜਿਆਂ ਨੂੰ ਘਰੇ ਰੋਟੀ ਤੇ ਸੱਦੀਦੈ ਤਾਂ ਉਹਨਾਂ ਨੂੰ ਸ਼ਗਨ ਵੀ ਪਾਈਦੈ।ਕਾਹਦੇ ਲਈ? ਉਹਨਾਂ ਨੇ ਕੀ ਕੀਤਾ? ਦੰਦ ਹੀ ਤਾਂ ਘਸਾਏ ਕੇ,” ਨਿੱਕੂ ਅਪਣੀ ਮਾਸੂਮੀਅਤ ਭਰੀ ਚਲਾਕੀ ਨਾਲ ਬੋਲਿਆ ਸੀ। ਓਦੋਂ ਦਾ ਇਹ ਮਜ਼ਾਕ ਹੀ ਪੈ ਗਿਆ ਉਹਨਾਂ ਘਰੇ।

ਸੁਰਭੀ, ਬੇਟਾ, ਕਪੜੇ ਥੋੜੇ ਹੋਰ ਫੈਂਸੀ ਪਾ ਲੈਂਦੀ, ਚਾਚੀ ਘਰੇ ਚੱਲੇ ਹੋਂ, ਜ਼ਰਾ ਵਧੀਆ ਲੱਗਦਾ ਹੈ। ਸਾੜੀ ਨਹੀਂ ਲਿਆਈ ਕੋਈ?” ਮਿਸੇਜ਼ ਕਾਲੜਾ ਨੇ ਤਿਆਰ ਹੋਈ ਸੁਰਭੀ ਨੂੰ ਵੇਖ ਕੇ ਕਿਹਾ। ਓਹਨੇ ਬਦਾਮੀ ਰੰਗ ਦਾ ਕਾਟਨ ਦਾ ਸੂਟ ਪਾਇਆ ਸੀ ਜੀਹਦੇ ਲਾਲ ਰੰਗ ਦੀਆਂ ਬੂਟੀਆਂ ਤੇ ਮਹੀਨ ਮਹੀਨ ਕਢਾਈ ਕੀਤੀ ਹੋਈ ਸੀ ਤੇ ਨਿੱਕੇ ਨਿੱਕੇ ਜਿਹੇ ਤਾਰੇ ਜੜੇ ਹੋਏ ਸੀ। ਦੁਪੱਟਾ ਵੀ ਸਿੰਪਲ ਜਿਹਾ ਹੀ ਸੀ। ਹਾਲਾਂਕਿ ਸੂਟ ਨਾਲ ਚੂੜਾ ਵਾਹਵਾ ਫੱਬ ਰਿਹਾ ਸੀ ਪਰ ਕਿਸੇ ਦੇ ਘਰ ਪਹਿਲੀ ਵਾਰ ਪਾ ਕੇ ਜਾਣ ਵਾਲਾ ਸੂਟ ਨਹੀਂ ਸੀ ਦਿੱਸਦਾ।     

ਮੰਮੀ ਜੀ, ਮੈਂ ਤਾਂ ਜ਼ਿਆਦਾਤਰ ਇੱਦਾਂ ਦੇ ਹੀ ਸੂਟ ਲਏ ਨੇ ਤਾਂ ਜੋ ਆਫ਼ਿਸ ਵੀ ਪੈ ਜਾਂਦੇ, ” ਸੁਰਭੀ ਦਾ ਮੂੰਹ ਉਤਰ ਗਿਆ ਸੀ। ਪਰ ਫ਼ੇਰ ਉਸ ਨੇ ਕਿਹਾ, “ਸੱਚੀ ਇੱਥੋਂ ਮਿਲੇ ਸੂਟ ਤੇ ਸਾੜੀਆਂ ਤਾਂ ਇੱਥੇ ਹੀ ਨੇ। ਮੈਂ ਹਲੇ ਸਵਾਏ ਨਹੀਂ, ਅੱਜ ਹੀ ਦੇ ਆਨੀ ਹਾਂ। ਤੇ ਅੱਜ ਉਹ ਵਿਦਾਈ ਵਾਲਾ ਸੂਟ ਪਾ ਜਾਨੀ ਹਾਂ।

ਨਹੀਂ, ਨਹੀਂ, ਉਹ ਸਾਰਿਆਂ ਨੇ ਵੇਖਿਆ ਹੋਇਐ!”

ਜਦੋਂ ਸੁਰਭੀ ਦੁਬਾਰਾ ਕੋਠਿਓਂ ਉਤਰੀ ਫ਼ਾਲਸਾ ਜਿਹੇ ਰੰਗ ਦਾ ਕ੍ਰੇਪ ਜਿਹੇ ਕਪੜੇ ਦਾ ਹਲਕਾ ਜਿਹਾ ਭਾਰਾ ਸੂਟ ਪਾ ਕੇ, ਮਿਸੇਜ਼ ਕਾਲੜਾ ਪੂਰੀ ਤਰ੍ਹਾਂ ਸੰਤੁਸ਼ਟ ਤਾਂ ਨਹੀਂ ਹੋਏ ਪਰ ਉਹਨਾਂ ਨੇ ਕੁੱਛ ਕਿਹਾ ਨਹੀਂ, ਬਸ ਮੱਥੇ ਤੇ ਸਿੰਦੂਰ ਦੀ ਲਕੀਰ ਲਗਾਣੀ ਯਾਦ ਕਰਾ ਦਿੱਤੀ। ਗਹਿਣੇ ਵੀ ਥੋੜੇ ਘੱਟ ਪਾਏ ਸੀ ਤਾਂ ਇੱਕ ਮੀਡੀਅਮ ਜਿਹਾ ਸੈੱਟ, ਮੰਗਲਸੂਤਰ ਤੇ ਕੜੇ ਪੁਆ ਦਿੱਤੇ।

ਮੰਮੀ ਜੀ, ਪਹਿਲਾਂ ਹੀ ਚੂੜਾ ਹੈ, ਕੜਿਆਂ ਨਾਲ ਹੋਰ ਅਨਕਮਫਰਟੇਬਲ ਹੋ ਜੂੰ,” ਸੁਰਭੀ ਨੇ ਕਿਹਾ।

ਲੈ ਦੱਸ! ਇੰਨੇ ਸੋਹਣੇ ਤੇ ਮਹਿੰਗੇ ਜੇਵਰ ਭਲਾ ਲੌਕਰ ਰੱਖਣ ਨੂੰ ਬਣਾਏ ਹੈਂ? ਹੁਣੇ ਹੀ ਤਾਂ ਵੇਲਾ ਹੈ ਹਾਰ ਸ਼ਿੰਗਾਰ ਦਾ। ਨਵੀਂ ਵਿਆਹੀ ਦਿਸਣੀ ਵੀ ਤਾਂ ਚਾਹੀਦੀ ਹੈ।ਮਿਸੇਜ਼ ਕਾਲੜਾ ਨੇ ਦਲੀਲ ਦਿੱਤੀ। ਤੇ ਮਨ ‘ਚ ਸੋਚਿਆ – ਇਹਨਾਂ ਨਵੀਆਂ ਕੁੜੀਆਂ ਦੇ ਨਖਰੇ ਹੀ ਨਹੀਂ ਮਾਣ, ਕਿੱਥੇ ਉਹਨਾਂ ਵੇਲੇ ਸੱਸਾਂ ਗਹਿਣੇ ਗਲੋਂ ਲ੍ਹਵਾ ਲੈਂਦੀਆਂ ਸਨ ਤੇ ਅਪਣੀ ਪੇਟੀ ‘ਚ ਪਾ ਲੈਂਦੀਆਂ ਸਨ। ਕਦੇ ਨਣਾਨ ਨੂੰ ਫੜਾ ਛੱਡਦੀਆਂ ਸਨ ਤੇ ਕਦੇ ਨਵੀਂ ਨੂੰਹ ਨੂੰ ਚੜ੍ਹਾ ਦਿੰਦੀਆਂ ਸਨ ਵਿਆਹ ‘ਚ ਵਿਖਾਣ ਲਈ। ਤਰਸਦੇ ਰਹਿ ਜਾਈਦਾ ਸੀ ਕਈ ਵਾਰੀ ਆਪਣੇ ਮਨ ਪਸੰਦ ਗਹਿਣੇ ਪਾਉਣ ਨੂੰ। ਨਵੇਂ ਬਣਾਨੇ ਵੀ ਕਿਹੜੇ ਸੌਖੇ ਸੀ? ਇੰਝ ਥੋੜੀ ਸੀ ਕਿ ਬਸ ਬਜ਼ਾਰ ਜਾਓ ਤੇ ਆਪਣੀ ਮਰਜੀ ਦਾ ਆਰਡਰ ਦੇ ਆਓ ਜਾਂ ਬਣਿਆ ਬਣਾਇਆ ਲੈ ਆਓ। ਹਜ਼ਾਰ ਝਮੇਲੇ ਸੀ। ਇੱਕ ਇੱਕ ਟੌਪਸ ਤੇ ਇੱਕ ਇੱਕ ਚੂੜੀ ਮਿਸੇਜ਼ ਕਾਲੜਾ ਨੇ ਕਿਵੇਂ ਬਣਾਈ ਹੈ, ਉਹਨਾਂ ਨੂੰ ਹੀ ਪਤਾ ਹੈ। ਓਹੀ ਨਾ, ਜੀਹਨੂੰ ਸੱਭ ਕੁੱਛ ਪਰੋਸ ਕੇ ਮਿਲਿਆ ਹੋਵੇ, ਓਹਨੂੰ ਚੀਜ਼ ਦੀ ਕਦਰ ਕੀ ਪਤਾ?

***

ਹੌਲੀ ਹੌਲੀ ਦਿਨ ਬੀਤਦੇ ਗਏ। ਸੁਰਭੀ ਨੂੰ ਤਾਂ ਨਿੱਕੇ ਨਿੱਕੇ ਚਾਂਦੀ ਦੇ ਜਾਂ ਆਰਟੀਫੀਸ਼ਲ ਫੈਂਸੀ ਝੁਮਕੇ ਪਾਉਣਾ ਹੀ ਪਸੰਦ ਸੀ। ਸੋਨਾ ਜ਼ਿਆਦਾ ਪਾ ਕੇ ਨਹੀਂ ਸੀ ਰਾਜ਼ੀ। ਆਮ ਤੌਰ ਤੇ ਹੱਥ ਖਾਲੀ ਹੀ ਹੁੰਦੇ ਸਨ ਜਾਂ ਇੱਕ ਘੜੀ ਤੇ ਕੰਨ ਵੀ ਕਦੇ ਕਦਾਈਂ ਨੰਗੇ ਹੀ ਹੁੰਦੇ ਸਨ। ਐਤਕੀਂ ਆਈ ਤਾਂ ਮਿਸੇਜ਼ ਕਾਲੜਾ ਤੋਂ ਰਹਿ ਨਾ ਹੋਇਆ ਤੇ ਉਹਨਾਂ ਨੇ ਕਹਿ ਹੀ ਛੱਡਿਆ, “ਵੇਖ ਪੁੱਤਰ, ਅਸੀਂ ਤੈਨੂੰ ਹਰ ਗੱਲ ਦੀ ਆਜ਼ਾਦੀ ਦਿੰਦੇ ਹਾਂ ਪਰ ਜਦੋਂ ਤੂੰ ਇੱਥੇ ਆਇਆ ਕਰ ਤੇ ਹੱਥ ਮੱਥਾ ਨੰਗਾ ਨਾ ਰੱਖਿਆ ਕਰ। ਬਿੰਦੀ ਲਾ ਕੇ ਰੱਖਿਆ ਕਰ। ਸਾਡਾ ਠੀਕ ਹੈ ਪਰ ਕਿਸੇ ਪ੍ਰਾਹੁਣੇ ਜਾਂ ਬਜ਼ੁਰਗ ਦੇ ਸਾਹਮਣੇ ਦੁਪੱਟੇ ਵਾਲੇ ਸੂਟ ਪਾ ਕੇ ਹੀ ਜਾਇਆ ਕਰ। ਜੀਨਸ ਵੀ ਘੱਟ ਹੀ ਪਾ ਇੱਥੇ। ਹਨੀਮੂਨ ਦੀਆਂ ਫੋਟੋਆਂ ‘ਚ ਠੀਕ ਲੱਗਦੀ ਹੈ, ਰੋਜ ਦਿਹਾੜੀ ਨਹੀਂ। ਹਰ ਜਗ੍ਹਾ ਦੇ ਕੁੱਛ ਉਸੂਲ ਹੁੰਦੇ ਨੇ, ਬੇਟਾ। ਨਾਲੇ ਹਰ ਰੋਜ਼ ਸਵੇਰੇ ਉਠਦੇ ਹੋਂ ਨਾ ਤਾਂ ਗੁਡ ਮਾਰਨਿੰਗ ਦੇ ਨਾਲ ਪੈਰੀ ਪੌਣਾ ਵੀ ਕਰੀਦੈ ਵੱਡਿਆਂ ਨੂੰ।”

ਸੁਰਭੀ ਨੇ ਕੁੱਝ ਨਹੀਂ ਸੀ ਕਿਹਾ।

ਹੁਣ ਉਹ ਵੈਸੇ ਵੀ ਜ਼ਿਆਦਾ ਨਹੀਂ ਸੀ ਬੋਲਦੀ। ਰਸੋਈ ‘ਚ ਵੜ ਕੇ ਮਦਦ ਵੀ ਕਰਾਉਂਦੀ ਸੀ ਤੇ ਨਵੀਆਂ ਚੀਜ਼ਾਂ ਸਿੱਖਣ ਜਤਨ ਵੀ ਕਰਦੀ ਸੀ।         

ਪਰ ਫੇਰ ਵੀ ਪਤਾ ਨਹੀਂ ਕਿਉਂ, ਓਹਦੇ ਆਣ ਤੇ ਮਿਸੇਜ਼ ਕਾਲੜਾ ਨੂੰ ਇਵੇਂ ਲੱਗਦਾ ਜਿੰਵੇ ਕੋਈ ਬੋਝ ਜਿਹਾ ਹੋਵੇ ਉਹਨਾਂ ਦੀ ਛਾਤੀ ਤੇ। ਕੋਈ ਇਮਤਿਹਾਨ ਜਿਹਾ। ਉਹ ਚਾਹੁੰਦੇ ਸਨ ਕਿ ਸੁਰਭੀ ਵੇਖੇ ਕਿ ਉਸ ਦੀ ਸੱਸ ਕਿੰਨੀ ਸੁਘੜ ਤੇ ਚੰਗੇ ਦਿਲ ਦੀ ਹੈ ਤਾਂ ਜੋ ਉਸ ਨੂੰ ਪਤਾ ਲੱਗੇ ਉਹ ਕਿੰਨੇ ਭਾਗਾਂ ਵਾਲੀ ਹੈ। ਘਰ ਤਾਂ ਮਿਸੇਜ਼ ਕਾਲੜਾ ਦਾ ਵੈਸੇ ਵੀ ਲਿਸ਼ਕਦਾ ਰਹਿੰਦਾ ਸੀ, ਬੱਚਿਆਂ ਦੇ ਆਉਣ ਤੋਂ ਪਹਿਲਾਂ ਹੋਰ ਰਗੜ ਰਗੜ ਕੇ ਸਾਫ਼ ਕਰਦੇ। ਨਵੀਆਂ ਚਾਦਰਾਂ, ਨਵੇਂ ਤੌਲੀਏ, ਸੱਭ ਕੁੱਛ ਚਮਕਦਾ ਪਿਆ ਹੁੰਦਾ। ਨਿੱਕੂ ਦੇ ਆਣ ਦੀ ਖੁਸ਼ੀ ਹੁਣ ਵੀ ਬਥੇਰੀ ਹੁੰਦੀ ਸੀ ਪਰ ਨਾਲ ਹੀ ਕਈ ਵਾਰੀ ਨਾ ਆ ਸਕਣ ਤੇ ਇੱਕ ਸੁਕੂਨ ਜਿਹਾ ਮਿਲਦਾ ਸੀ ਤੇ ਓਹਦੇ ਵਾਪਿਸ ਜਾਣ ਤੇ ਅਰਾਮ ਆਉਂਦਾ ਸੀ।

ਕੀ ਪਤਾ ਸੁਰਭੀ ਉੱਥੇ ਘਰ ਕਿੰਵੇਂ ਰੱਖਦੀ ਹੋਣੀ, ਨਾ ਟਾਈਮ ਮਿਲਦਾ ਹੋਣਾ ਤੇ ਨਾ ਸੁਭਾਅ ਬਹੁਤਾ ਕੰਮ ਵਾਲਾ ਜਾਪਦਾ ਸੀ, ਸ਼ਾਇਦ ਸਹੁਰਾ ਘਰ ਵੇਖ ਕੇ ਪ੍ਰੇਰਣਾ ਮਿਲੇ। ਨਿੱਕੂ ਤਾਂ ਵਿਚਾਰਾ ਕਹਿੰਦਾ ਹੀ ਨਹੀਂ ਹੋਣਾ ਕੁੱਝ। ਉਹ ਤਾਂ ਹਰ ਹਾਲ ‘ਚ ਰਾਜੀ ਰਹਿਣ ਵਾਲਾ ਮਸਤ ਮਲੰਗ ਹੈ। ਜਦੋਂ ਕਦੀ ਮੌਕਾ ਲੱਗਾ ਬੱਚਿਆਂ ਕੋਲ ਜਾਣ ਦਾ, ਤਾਂ ਹੀ ਪਤਾ ਲੱਗੂ ਕਿੱਦਾਂ ਰਹਿੰਦੇ ਨੇ।

ਇਸ ਵਾਰੀ ਉਹਨਾਂ ਨੂੰ ਸਾਹ ਵੀ ਥੋੜਾ ਔਖਾ ਆ ਰਿਹਾ ਸੀ ਤੇ ਖੰਘ ਵੀ ਲੱਗੀ ਹੋਈ ਸੀ ਪਰ ਫ਼ੇਰ ਵੀ ਕੋਲ ਖਲੋ ਕੇ ਪੂਰੇ ਘਰ ਦੀ ਦੀਵਾਲੀ ਤਰ੍ਹਾਂ ਸਫ਼ਾਈ ਕਰਾਈ। ਦੀਵਾਲੀ ਹਲੇ ਦੂਰ ਸੀ, ਓਦੋ ਤੱਕ ਤਾਂ ਪਤਾ ਨਹੀਂ ਕਿੰਨੀਆਂ ਸਫਾਈਆਂ ਹੋ ਜਾਣੀਆਂ ਇਹੋ ਜਿਹੀਆਂ। ਨਿੱਕੂ ਦੇ ਮਨਪਸੰਦ ਚਿੱਟੇ ਛੋਲੇ ਵੀ ਬਣਾਏ ਸੀ। ਰਾਤੀਂ ਤਾਂ ਗੁਆਂਢੀਆਂ ਘਰੇ ਭੰਡਾਰਾ ਹੋਣਾ, ਸਾਰਿਆਂ ਦੀ ਰੋਟੀ ਓਥੇ ਹੀ ਸੀ। ਸੁਰਭੀ ਜਦੋਂ ਆਈ ਤਾਂ ਬੜੀ ਥੱਕੀ ਥੱਕੀ ਜਾਪਦੀ ਸੀ। ਨਾਸ਼ਤਾ ਕਰ ਕੇ ਸੌਣ ਚਲੀ ਗਈ। ਸ਼ਾਮੀਂ ਬਜ਼ਾਰ ਚਲਣ ਨੂੰ ਕਿਹਾ, ਕਰਵਾ ਚੌਥ ਦਾ ਸੂਟ ਤੇ ਚੂੜੀਆਂ ਜੋ ਲੈਣੀਆਂ ਸਨ, ਕਹਿੰਦੀ ਅੱਜ ਜੀ ਨਹੀਂ ਕਰਦਾ। ਗੁਆਂਢੀਆਂ ਘਰੇ ਵੀ ਜ਼ਿਆਦਾ ਦੇਰ ਨਹੀਂ ਰਹੀ, ਬਸ ਮਿਲ ਕੇ ਤੇ ਪ੍ਰਸ਼ਾਦ ਖਾ ਕੇ ਆ ਗਈ। ਬਾਕੀਆਂ ਦੀਆਂ ਨੂੰਹਾਂ ਹੱਸ ਹੱਸ ਗੱਲਾਂ ਕਰਨ ਤੇ ਮਿਸੇਜ਼ ਕਾਲੜਾ ਨੂੰ ਬਿੱਛੂ ਡੰਗਣ। ਉਹ ਤੇ ਤਾਰੀਫ਼ਾਂ ਕਰਦੇ ਸਨ ਸੁਰਭੀ ਦੀਆਂ ਬਈ ਬੜੀ ਮਿਲਣਸਾਰ ਹੈ ਤੇ ਉਹ ਦੋ ਮਿੰਟ ਵੀ ਨਾ ਰੁਕੀ।

ਘਰੇ ਜਾਂਦਿਆਂ ਮਿਸੇਜ਼ ਕਾਲੜਾ ਸੁਰਭੀ ਦੇ ਕਮਰੇ ‘ਚ ਗਏ ਤੇ ਪੁੱਛਿਆ, “ਤਬੀਅਤ ਠੀਕ ਹੈ?”

“ਹਾਂ ਜੀ, ਮੰਮੀ ਜੀ, ਬਸ ਥਕਾਵਟ ਹੈ।”

“ਕੋਈ ਗੁਡ ਨਿਯੂਜ਼?”

“ਨਹੀਂ, ਮੰਮੀ ਜੀ,” ਸੁਰਭੀ ਮੁਸਕੁਰਾਈ।

“ਵੇਖ ਬੇਟਾ, ਅਸੀਂ ਤੈਨੂੰ ਅਪਣੀ ਧੀ ਵਾਂਗਰ ਸਮਝਦੇ ਹਾਂ… ਘਰੇ ਤੂੰ ਜਿੰਵੇ ਵੀ ਰਹੇਂ, ਮੈਂ ਚਾਹੁੰਦੀ ਹਾਂ ਕਿ ਸਾਡੀ ਰਿਸ਼ਤੇਦਾਰੀ ਤੇ ਆਂਢ ਗੁਆਂਢ ‘ਚ ਸਾਡਾ ਚੰਗਾ ਇਮਪ੍ਰੈਸ਼ਨ ਬਣਿਆ ਰਹੇ…”

ਉਹ ਬੌਬੀ ਦੀ ਮੰਮੀ ਦੇ ਮੂੰਹ ਨੂੰ ਲੱਪ ਲੱਪ ਜਬਾਨ ਲੱਗੀ ਹੋਈ ਹੈ, ਓਹਨੂੰ ਤਾਂ ਮੌਕਾ ਚਾਹੀਦਾ ਹੈ ਕੋਈ ਭੰਡਣ ਦਾ, ਮਿਸੇਜ਼ ਕਾਲੜਾ ਡਰਦੇ ਸੀ।

ਸੁਰਭੀ ਪਹਿਲਾਂ ਤਾਂ ਕੁੱਝ ਨਹੀਂ ਬੋਲੀ, ਕੁੱਝ ਸੋਚਦੀ ਰਹੀ ਫ਼ੇਰ ਮਿਸੇਜ਼ ਕਾਲੜਾ ਨੂੰ ਆਪਣੇ ਪਲੰਗ ਵੱਲ ਇਸ਼ਾਰਾ ਕਰ ਕੋਲ ਬਹਿਣ ਨੂੰ ਕਿਹਾ ਤੇ ਬੋਲੀ, “ਮੰਮੀ ਜੀ, ਕਲ ਪੂਰੀ ਰਾਤ ਆਫ਼ਿਸ ‘ਚ ਕੰਮ ਕਰਨਾ ਪਿਆ। ਕੋਈ ਇਮਪੋਰਟੈਂਟ ਡੈੱਡਲਾਈਨ ਸੀ। ਹਫ਼ਤੇ ਤੋਂ ਲੇਟ ਨਾਈਟ ਕੰਮ ਹੋ ਰਿਹਾ ਸੀ।”

ਥੋੜ੍ਹਾ ਰੁਕੀ ਤੇ ਫ਼ੇਰ ਉਸ ਨੇ ਜੋ ਕਿਹਾ, ਉਹ ਮਿਸੇਜ਼ ਕਾਲੜਾ ਦੀ ਉਮੀਦ ਤੋਂ ਪਰੇ ਸੀ, “ਮੰਮੀ ਜੀ, ਤੁਹਾਨੂੰ ਵੀ ਪਤਾ ਹੈ ਮੈਂ ਤੁਹਾਡੀ ਧੀ ਨਹੀਂ ਬਣ ਸਕਦੀ ਕਦੇ। ਨਾ ਤੁਸੀਂ ਮੈਨੂੰ ਕਦੇ ਆਪਣੀ ਸਕੀ ਧੀ ਤਰ੍ਹਾਂ ਜੱਫੀਆਂ ਪਾ ਪਾ ਲਾਡ ਕਰ ਸਕਦੇ ਹੋ ਨਾ ਹੀ ਸਕੀ ਧੀ ਤਰ੍ਹਾਂ ਬਿਨਾ ਸੋਚੇ ਸਮਝੇ ਝਿੜ੍ਹਕ ਸਕਦੇ ਹੋ। ਤੁਸੀਂ ਮੇਰੀ ਉੱਦਾਂ ਰਗ ਰਗ ਨਹੀਂ ਪਛਾਣਦੇ ਜਿੰਵੇ ਮਾਂ ਪਛਾਣਦੀ ਹੈ ਤੇ ਨਾ ਹੀ ਮੇਰਾ ਕੋਈ ਵੀ ਵਤੀਰਾ ਤੁਹਾਡੀਆਂ ਅੱਖਾਂ ‘ਚੋਂ ਬਿਨਾ ਤੁਲੇ ਲੰਘਦਾ ਹੈ। ਤੁਸੀਂ ਆਪਣੀ ਧੀ ਜਾਂ ਸੰਦੀਪ ਦੇ ਤੁਹਾਨੂੰ ਰੋਜ਼ ਉੱਠ ਕੇ ਪੈਰੀ ਪੌਣਾ ਨਾ ਕਰਨ ਨੂੰ ਗੌਲਣਾ ਵੀ ਨਹੀਂ ਸੀ। ਕਿਸਮਤ ਨੇ ਸਾਨੂੰ ਨਾਲ ਲਿਆ ਤਾ ਹੈ ਕਿ ਅਸੀਂ ਇੱਕੋ ਜਣੇ ਨੂੰ ਬੇਸ਼ੁਮਾਰ ਪਿਆਰ ਕਰਦੇ ਹਾਂ। ਸੰਦੀਪ ਤੁਹਾਡਾ ਬੇਟਾ ਹੈ ਤੇ ਇਸ ਲਈ ਮੇਰੇ ਦਿਲ ਵਿੱਚ ਤੁਹਾਡੀ ਬਹੁਤ ਉੱਚੀ ਥਾਂ ਹੈ। ਪਰ ਮੰਮੀ ਜੀ, ਤੁਸੀਂ ਤੇ ਮੈਂ ਬਹੁਤ ਅਲਗ ਇਨਸਾਨ ਹਾਂ। ਤੁਹਾਡੀ ਤੇ ਮੇਰੀ ਜ਼ਿੰਦਗੀ ਬਹੁਤ ਵੱਖਰੀ ਹੈ ਤੇ ਕਿਤੇ ਕਿਤੇ ਸੋਚ ਵੀ। ਮੈਂ ਵੀ ਨਾਟਕ ਕਰ ਸਕਦੀ ਹਾਂ ਕਿ ਇੱਥੇ ਆ ਕੇ ਕੋਈ ਹੋਰ ਬਣ ਜਾਵਾਂ, ਜਿੰਵੇ ਦੀ ਤੁਸੀਂ ਚਾਹੋ, ਤੇ ਪਿੱਠ ਪਿੱਛੇ ਤੁਹਾਡੀਆਂ ਬੁਰਾਈਆਂ ਕਰਾਂ। ਸਾਰੀ ਦੁਨੀਆ ਕਰਦੀ ਹੈ, ਕੋਈ ਇੰਨਾ ਔਖਾ ਨਹੀਂ ਇਹ ਕੰਮ। ਨਾਲੇ ਮੈਂ ਰਹਿਣਾ ਹੀ ਕਿੰਨਾ ਹੁੰਦਾ ਹੈ ਤੁਹਾਡੇ ਨਾਲ? ਮੈਂ ਸੰਦੀਪ ਨੂੰ ਇੱਥੇ ਘੱਟ ਆਉਣ ਲਈ ਮਜਬੂਰ ਕਰਨ ਦਾ ਵੀ ਸੋਚ ਸਕਦੀ ਹਾਂ ਜੇ ਇੱਥੇ ਆਣਾ ਇੱਕ ਇਮਤਿਹਾਨ ਜਾਪੇ। ਜਾਂ ਫ਼ੇਰ… ਜਾਂ ਫ਼ੇਰ ਤੁਸੀਂ ਮੈਨੂੰ ਉੱਦਾਂ ਹੀ ਕੁਬੂਲ ਕਰ ਲਓ ਜਿੱਦਾਂ ਦੀ ਮੈਂ ਹਾਂ। ਬਹੁਤੀ ਮਾੜੀ ਨਹੀਂ। ਬਸ ਥੋੜੀ ਜਿਹੀ ਵੱਖਰੀ। ਤੇ ਮੈਂ ਤੁਹਾਨੂੰ ਦਿਲੋਂ ਪਿਆਰ ਕਰ ਸਕਾਂ ਬਗ਼ੈਰ ਕਿਸੇ ਡਰ ਦੇ, ਸਿਰਫ਼ ਮੂੰਹ ਤੇ ਦਿਖਾਉਣ ਲਈ ਨਹੀਂ। ਮੰਮੀ ਜੀ, ਆਪਾਂ ਮਾਂ-ਧੀ ਨਹੀਂ ਬਣ ਸਕਦੇ, ਪਰ ਆਪਾਂ ਨੇਕ੍ਸ੍ਟ ਬੈਸਟ ਬਣ ਸਕਦੇ ਹਾਂ – ਦੋਸਤ। ਦੋਸਤ ਜੋ ਇੱਕ ਦੂਜੇ ਨੂੰ ਬੇਝਿਝਕ ਦੱਸ ਸਕਣ ਜਦੋਂ ਉਹ ਥੱਕ ਜਾਣ। ਜੋ ਇੱਕ ਦੂਜੇ ਨੂੰ ਹਰ ਵੇਲੇ ਪਰਖੀ ਨਾ ਜਾਣ।“

ਇਹ ਕਹਿ ਕੇ ਸੁਰਭੀ ਨੇ ਮਿਸੇਜ਼ ਕਾਲੜਾ ਨੂੰ ਗੱਲ ਨਾਲ ਲਾ ਲਿਆ।

ਮਿਸੇਜ਼ ਕਾਲੜਾ ਦੇ ਦਿਮਾਗ਼ ‘ਚ ਕੁੱਝ ਵੀ ਨਾ ਆਇਆ ਬਈ ਕੋਈ ਨੂੰਹ ਆਪਣੀ ਸੱਸ ਨਾਲ ਇੱਦਾਂ ਕਿੱਦਾਂ ਇੰਨੀ ਬੇ-ਤਕੱਲੁਫ਼ੀ ਨਾਲ ਗੱਲ ਕਰ ਸਕਦੀ ਹੈ, ਉਹਨਾਂ ਵੇਲੇ ਤਾਂ ਉਹਨਾਂ ਦੀ ਜ਼ਬਾਨ ਨੂੰ ਤਾਲੇ ਲੱਗ ਜਾਂਦੇ ਸੀ ਸੱਸ ਸਾਹਮਣੇ। ਉਹ ਤਾਂ ਬਸ ਬਹੁਤ ਹੌਲਾ ਮਹਿਸੂਸ ਕਰ ਰਹੇ ਸਨ ਜਿੰਵੇ ਉਹਨਾਂ ਦੀ ਛਾਤੀ ਤੋਂ ਬੋਝ ਲਹਿ ਗਿਆ ਹੋਵੇ। ਜਿੰਵੇ ਸਕੂਲ ਨੇ ਐਲਾਨ ਕਰ ਦਿੱਤਾ ਹੋਵੇ ਕਿ ਹੁਣ ਕੋਈ ਇਮਤਿਹਾਨ ਨਹੀਂ ਹੋਵੇਗਾ। ਹਰ ਕੋਈ ਪਾਸ ਹੈ। ਉਹਨਾਂ ਦੇ ਹੱਥ ਹੌਲੀ ਹੌਲੀ ਸੁਰਭੀ ਦੀ ਪਿੱਠ ਨੂੰ ਪਲੋਸਣ ਲੱਗ ਪਏ।

“ਮੰਮੀ ਜੀ, ਤੁਹਾਨੂੰ ਇਹ ਵੀ ਦੱਸਣਾ ਸੀ ਕਿ ਮੈਂ ਕਰਵਾ ਚੌਥ ਨਹੀਂ ਕਰਨਾ ਚਾਹੁੰਦੀ,” ਸੁਰਭੀ ਨੇ ਗੱਲ ਲੱਗਿਆਂ ਲੱਗਿਆਂ ਕਿਹਾ।

“ਕਿਓਂ? ਭੁੱਖਿਆਂ ਨਹੀਂ ਰਹਿ ਹੁੰਦਾ?” ਮਿਸੇਜ਼ ਕਾਲੜਾ ਨੇ ਸੁਰਭੀ ਨੂੰ ਆਪਣੇ ਨਾਲੋਂ ਹਟਾ ਕੇ ਓਹਦੀਆਂ ਅੱਖਾਂ ‘ਚ ਵੇਖ ਕੇ ਬੜੀ ਮਮਤਾ ਨਾਲ ਪੁੱਛਿਆ।

“ਨਹੀਂ, ਅਜਿਹੀ ਕੋਈ ਗੱਲ ਨਹੀਂ। ਆਫ਼ਿਸ ‘ਚ ਤਾਂ ਅਕਸਰ ਦਿਨ ਲੰਘ ਜਾਂਦਾ ਹੈ ਬਿਨਾ ਕੁੱਝ ਖਾਦਿਆਂ ਪੀਤਿਆਂ, ਪਤਾ ਹੀ ਨਹੀਂ ਲੱਗਦਾ। ਗੱਲ ਇਹ ਹੈ ਕਿ ਮੈਂ ਇਸ ਰਸਮ ‘ਚ ਵਿਸ਼ਵਾਸ ਨਹੀਂ ਰੱਖਦੀ।” ਸੁਰਭੀ ਨੇ ਵੀ ਉਹਨਾਂ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਜਵਾਬ ਦਿੱਤਾ।

ਕੋਈ ਹੋਰ ਦਿਹਾੜਾ ਹੁੰਦਾ ਤਾਂ ਮਿਸੇਜ਼ ਕਾਲੜਾ ਨੇ ਗ਼ਸ਼ ਖਾ ਕੇ ਡਿੱਗ ਪੈਣਾ ਸੀ ਪਰ ਅੱਜ ਪਤਾ ਨਹੀਂ ਕੀ ਹੋਇਆ, ਉਹਨਾਂ ਨੇ ਸੁਰਭੀ ਨੂੰ ਫ਼ੇਰ ਫੜ ਕੇ ਗਲੇ ਲਗਾ ਲਿਆ।             

***  

(ਇਹ ਕਹਾਣੀ ‘ਕਲਮ 5ਆਬ ਦੀ 2018’ ਵਿੱਚ ਪ੍ਰਕਾਸ਼ਿਤ ਹੈ।)

(This story is published in ‘Kalam 5Aab Di 2018’.)                       

The following two tabs change content below.

Dinakshi

Dinakshi is a curious explorer of life, and loves to see everything around her with a sense of wonder. Completely in awe of life and its ardent student, she is a writer, poet, blogger and ex-editor. Her superpower is involuntarily read and edit everything from text messages to poetry on the backside of trucks. Like any other Indian worth their salt, she’s done her time in the IT industry as a programmer. Books and journals have been her best friends for as long as she can remember. A philosopher at heart, she loves to question everything, including her propensity to question. An avid learner and unlearner, she is on a joyful path to live all that is.